ਭਾਰਤ ਵਿੱਚ ਸੂਬਾਈ ਚੋਣਾਂ 2022: ਪੱਤਰਕਾਰ ਸੁਰੱਖਿਆ ਹਦਾਇਤਾਂ

ਭਾਰਤ ਵਿੱਚ ਪੰਜ ਸੂਬਿਆਂ ਦੀਆਂ ਚੋਣਾਂ ਫ਼ਰਵਰੀ ਅਤੇ ਮਾਰਚ ਵਿੱਚ ਹੋਣੀਆਂ ਹਨ. ਇਨ੍ਹਾਂ ਚੋਣਾਂ ਵਿੱਚ ਖ਼ਬਰਾਂ ਇਕੱਠੀਆਂ ਕਰਨ ਵਾਲੇ ਹਰੇਕ ਮੀਡੀਆ ਕਰਮੀ ਜਾਂ ਪੱਤਰਕਾਰ ਨੂੰ ਕੁਝ ਮੁੱਖ ਖ਼ਤਰਿਆਂ ਬਾਰੇ ਪਤਾ ਹੋਣਾ ਚਾਹੀਦਾ ਹੈ, ਜਿਵੇਂ ਕਿ ਸਰੀਰਕ ਹਮਲੇ, ਧਮਕੀਆਂ, ਆਨਲਾਈਨ ਗਾਲਮੰਦਾ, ਹਿਰਾਸਤ ਤੇ ਗ੍ਰਿਫ਼ਤਾਰੀ, ਅਤੇ ਸਰਕਾਰ ਦੁਆਰਾ ਰਿਪੋਰਟਿੰਗ ਨੂੰ ਰੋਕਣ ਲਈ ਵਰਤੇ ਜਾਣ ਵਾਲੇ ਤਰੀਕੇ, ਜਿਵੇਂ ਕਿ ਇੰਟਰਨੈੱਟ ਸੇਵਾ ਉੱਤੇ ਪਾਬੰਦੀ.

ਸਾਲ 2021 ਵਿੱਚ ਭਾਰਤ ਵਿੱਚ ਪੰਜ ਪੱਤਰਕਾਰਾਂ ਨੂੰ ਉਨ੍ਹਾਂ ਦੇ ਕੰਮ ਕਰਕੇ ਜਾਨ ਗੁਆਉਣੀ ਪਈ, ਜੋ ਕਿ ਸੀਪੀਜੇ ਦੇ ਅੰਤਰਰਾਸ਼ਟਰੀ ਅੰਕੜਿਆਂ ਮੁਤਾਬਕ ਕਿਸੇ ਵੀ ਮੁਲਕ ‘ਚ ਸਭ ਤੋਂ ਵੱਧ ਸੀ. ਇਸ ਤੋਂ ਇਲਾਵਾ, ਸਾਲ 2021 ਦੇ 1 ਦਸੰਬਰ ਤੱਕ ਦੇ ਅੰਕੜਿਆਂ ਮੁਤਾਬਕ ਭਾਰਤ ਵਿੱਚ ਸੱਤ ਪੱਤਰਕਾਰਾਂ ਨੂੰ ਉਨ੍ਹਾਂ ਦੇ ਕੰਮ ਨਾਲ ਜੁੜੇ ਕਿਸੇ ਕਾਰਨ ਕਰਕੇ ਗ੍ਰਿਫ਼ਤਾਰ ਵੀ ਕੀਤਾ ਗਿਆ.       

ਨੈੱਟਵਰਕ ਆਫ਼ ਵਿਮੈਨ ਇਨ ਮੀਡੀਆ ਇੰਡੀਆ ਨਾਮ ਦੀ ਸੰਸਥਾ ਦੇ ਇਕੱਠੇ ਕੀਤੇ ਅੰਕੜਿਆਂ ਮੁਤਾਬਕ ਭਾਰਤ ਵਿੱਚ ਮੀਡੀਆ ਨਾਲ ਜੁੜੇ ਸੈਂਕੜੇ ਲੋਕ ਕੋਵਿਡ ਦੀ ਲਾਗ ਲੱਗਣ ਤੋਂ ਬਾਅਦ ਮਰ ਗਏ ਹਨ. ਪੱਤਰਕਾਰਾਂ ਨੂੰ ਵਧਦੇ ਫਿਰਕੂਵਾਦੀ ਮਾਹੌਲ ਵਿੱਚ ਆਪਣੇ ਧਰਮ, ਲਿੰਗ ਅਤੇ ਹੋਰ ਪਛਾਣਾਂ ਕਰਕੇ ਵੀ ਹਮਲੇ ਸਹਿਣੇ ਪਏ ਹਨ. ਧਾਰਮਕ ਹਿੰਸਾ ਨਾਲ ਜੁੜੇ ਮਾਮਲਿਆਂ ਬਾਰੇ ਰਿਪੋਰਟਿੰਗ ਕਰਨ ਵਾਲੇ ਕੁਝ ਪੱਤਰਕਾਰਾਂ ਉੱਤੇ ਤਾਂ ਇਹ ਇਲਜ਼ਾਮ ਵੀ ਲਗਾਏ ਗਏ ਹਨ ਕਿ ਉਹ ਸਮਾਜ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੇ ਹਨ.

ਵਿਸ਼ਾ ਸੂਚੀ

  • ਐਡੀਟਰ ਲਈ ਸੁਰੱਖਿਆ ਦੇ ਮੂਲ ਮੰਤਰ
  • ਡਿਜੀਟਲ ਸੁਰੱਖਿਆ: ਆਨਲਾਈਨ ਸ਼ੋਸ਼ਣ, ਗਾਲਮੰਦਾ ਅਤੇ ਝੂਠ ਦਾ ਤੰਤਰ
  • ਡਿਜੀਟਲ ਸੁਰੱਖਿਆ: ਯੰਤਰਾਂ ਬਾਰੇ ਮੂਲ ਤਿਆਰੀ
  • ਡਿਜੀਟਲ ਸੁਰੱਖਿਆ: ਸਮੱਗਰੀ ਦੀ ਸਾਂਭ-ਸੰਭਾਲ
  • ਡਿਜੀਟਲ ਸੁਰੱਖਿਆ: ਸੰਵਾਦ ਦੇ ਸੁਰੱਖਿਅਤ ਰਾਹ
  • ਸਰੀਰਕ ਸੁਰੱਖਿਆ: ਕੋਵਿਡ-19 ਨਾਲ ਜੁੜੇ ਤੱਥ
  • ਸਰੀਰਕ ਸੁਰੱਖਿਆ: ਚੋਣ ਰੈਲੀਆਂ ਅਤੇ ਮੁਜ਼ਾਹਰਿਆਂ ਦੌਰਾਨ ਰਿਪੋਰਟਿੰਗ
  • ਸਰੀਰਕ ਸੁਰੱਖਿਆ: ਗੁੱਸੇ ਨਾਲ ਭਰੇ ਇਲਾਕੇ ਅਤੇ ਲੋਕਾਂ ਵਿੱਚੋਂ ਰਿਪੋਰਟਿੰਗ 

ਜਨਸੰਦੇਸ਼ ਅਖਬਾਰ ਦੇ ਇੱਕ ਸਾਬਕਾ ਐਡੀਟਰ ਵਿਜੈ ਵਿਨੀਤ, ਜੋ ਹੁਣ ਇੱਕ ਆਜ਼ਾਦ ਪੱਤਰਕਾਰ ਵਜੋਂ ਨਿਊਜ਼-ਕਲਿੱਕ ਵੈੱਬਸਾਈਟ ਲਈ ਉੱਤਰ ਪ੍ਰਦੇਸ਼ ਤੋਂ ਖ਼ਬਰਾਂ ਭੇਜਦੇ ਹਨ, ਨੇ ਸੀਪੀਜੇ ਨੂੰ ਫ਼ੋਨ ‘ਤੇ ਦੱਸਿਆ, “ਉੱਤਰ ਪ੍ਰਦੇਸ਼ ’ਚ ਕੋਈ ਵੀ ਸੰਸਥਾ ਆਪਣੇ ਪੱਤਰਕਾਰਾਂ ਦੀ ਸਵੈ-ਸੁਰੱਖਿਆ ਸਿਖਲਾਈ ਦਾ ਇੰਤਜ਼ਾਮ ਨਹੀਂ ਕਰਦੀ ਅਤੇ ਨਾ ਹੀ ਇਸ ਦੀ ਪਰਵਾਹ ਕਰਦੀ ਹੈ.”

ਉਨ੍ਹਾਂ ਨੇ ਅੱਗੇ ਕਿਹਾ, “ਇਸ ਵਾਰ ਇੱਥੇ ਚੋਣ ਬਹੁਤ ਕਰੀਬੀ ਮੁਕਾਬਲਾ ਹੈ, ਇਸ ਕਰਕੇ ਹਿੰਸਾ ਦੀ ਸੰਭਾਵਨਾ ਹੈ.”

ਸੀਪੀਜੇ ਐਮਰਜੈਂਸੀਜ਼ ਨੇ ਚੋਣਾਂ ਦੌਰਾਨ ਖ਼ਬਰਾਂ ਇਕੱਠੀਆਂ ਕਰਨੇ ਵਾਲੇ ਪੱਤਰਕਾਰਾਂ ਲਈ ਸੁਰੱਖਿਆ ਹਦਾਇਤਾਂ ਨੂੰ ਨਵਿਆਇਆ ਹੈ. ਇਨ੍ਹਾਂ ਹਦਾਇਤਾਂ ਵਿੱਚ ਐਡੀਟਰ, ਰਿਪੋਰਟਰ ਅਤੇ ਫ਼ੋਟੋ-ਜਰਨਲਿਸਟ ਨੂੰ ਕੇਂਦਰ ਵਿੱਚ ਰੱਖ ਕੇ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ. ਇਸ ਜਾਣਕਾਰੀ ਵਿੱਚ ਸ਼ਾਮਲ ਹੈ: ਇਨ੍ਹਾਂ ਸੂਬਾਈ ਚੋਣਾਂ ਦੌਰਾਨ ਖ਼ਬਰਸਾਜ਼ੀ ਵੇਲੇ ਜ਼ਰੂਰੀ ਤਿਆਰੀਆਂ, ਖ਼ਤਰਿਆਂ ਦਾ ਅੰਦੇਸ਼ਾ ਅਤੇ ਡਿਜੀਟਲ, ਸਰੀਰਕ ਅਤੇ ਮਾਨਸਿਕ ਹਿੰਸਾ ਤੋਂ ਬਚਣ ਦੇ ਤਰੀਕੇ.   

ਜ਼ਰੂਰੀਸੰਪਰਕ ਅਤੇ ਸਮੱਗਰੀ

ਜੇ ਪੱਤਰਕਾਰਾਂ ਨੂੰ ਲੋੜ ਪਵੇ ਤਾਂ ਸੀਪੀਜੇ ਐਮਰਜੈਂਸੀਜ਼ ਨੂੰ emergencies@cpj.org ਉੱਤੇ ਈਮੇਲ ਕਰ ਸਕਦੇ ਹਨ. ਇਸ ਤੋਂ ਇਲਾਵਾ ਜ਼ਰੂਰਤ ਵੇਲੇ ਪੱਤਰਕਾਰ ਸੀਪੀਜੇ ਦੇ ਏਸ਼ੀਆ ਪ੍ਰੋਗਰਾਮ ਨਾਲ ਵੀ ਸੰਪਰਕ ਕਰ ਸਕਦੇ ਹਨ, ਜਿਸ ਲਈ ਉਹ ਖੋਜਕਾਰ ਸੋਨਾਲੀ ਧਵਨ ਨੂੰ sdhawan@cpj.org ਜਾਂ ਭਾਰਤ ਵਿੱਚ ਸੀਪੀਜੇ ਦੇ ਪੱਤਰਕਾਰ ਕੁਣਾਲ ਮਜੂਮਦਾਰ ਨੂੰ kmajumder@cpj.org ਉੱਤੇ ਸੰਪਰਕ ਕਰ ਸਕਦੇ ਹਨ.

ਇਸ ਤੋਂ ਇਲਾਵਾ ਸੀਪੀਜੇ ਦੇ ਰਿਸੋਰਸ ਸੈਂਟਰ ਜਾਂ ਸਮੱਗਰੀ ਕੇਂਦਰ ’ਤੇ ਦਿੱਤੀ ਜਾਣਕਾਰੀ ਦੀ ਵੀ ਵਰਤੋਂ ਕਰ ਸਕਦੇ ਹਨ. ਇਸ ਵਿੱਚ ਰਿਪੋਰਟਿੰਗ ਤੋਂ ਪਹਿਲਾਂ ਦੀ ਤਿਆਰੀ ਦੀ ਵੀ ਜਾਣਕਾਰੀ ਹੈ ਅਤੇ ਕਿਸੇ ਘਟਨਾ ਦੇ ਵਾਪਰਨ ਤੋਂ ਬਾਅਦ ਜ਼ਰੂਰੀ ਮਦਦ ਦੀ ਵੀ. 

ਐਡੀਟਰ ਲਈ ਜ਼ਰੂਰੀ ਸੁਰੱਖਿਆ ਨੁਕਤੇ

ਐਡੀਟਰ ਜਾਂ ਨਿਊਜ਼ਰੂਮ ਕਈ ਵਾਰ ਜ਼ਮੀਨ ‘ਤੇ ਕੰਮ ਕਰ ਰਹੇ ਰਿਪੋਰਟਰ ਨੂੰ ਇੱਕਦਮ ਚੋਣਾਂ ਨਾਲ ਜੁੜੀ ਕਿਸੇ ਖ਼ਬਰ ਦੀ ਜ਼ਿੰਮੇਵਾਰੀ ਦੇ ਦਿੰਦੇ ਹਨ. ਹੇਠ ਲਿਖੇ ਕੁਝ ਨੁਕਤੇ ਹੱਨ ਜਿਨ੍ਹਾਂ ਨੂੰ ਧਿਆਨ ਵਿੱਚ ਰੱਖ ਕੇ ਰਿਪੋਰਟਰ ਲਈ ਕਿਸੇ ਵੀ ਤਰ੍ਹਾਂ ਦੇ ਖ਼ਤਰੇ ਦਾ ਅੰਦੇਸ਼ਾ ਘਟਾਇਆ ਜਾ ਸਕਦਾ ਹੈ:

ਕਰਮਚਾਰੀ ਦੀਆਂ ਜ਼ਰੂਰਤਾਂ

● ਕੀ ਇਸ ਕਰਮਚਾਰੀ ਕੋਲ ਇਸ ਖ਼ਬਰ ਦੀ ਕਵਰੇਜ ਲਈ ਜ਼ਰੂਰੀ ਤਜੁਰਬਾ ਹੈ?

● ਕੀ ਇਸ ਕਰਮਚਾਰੀ ਨੂੰ ਜਾਂ ਪਰਿਵਾਰ ਨੂੰ ਕੋਵਿਡ-19 ਤੋਂ ਖ਼ਾਸ ਤੌਰ ‘ਤੇ ਖ਼ਤਰਾ ਹੈ?

● ਜੇ ਇਸ ਕਰਮਚਾਰੀ ਨੂੰ ਕਿਸੇ ਸੰਵੇਦਨਸ਼ੀਲ ਥਾਂ ਉੱਤੇ ਭੇਜਣਾ ਹੈ (ਮਸਲਨ, ਚੋਣ ਨਾਲ ਜੁੜੇ ਮੁਜ਼ਾਹਰੇ ਵਾਲੀ ਥਾਂ ਉੱਤੇ), ਤਾਂ ਕੀ ਇਸ ਦੀ ਪਛਾਣ (ਜਿਵੇਂ ਕਿ ਲਿੰਗ, ਧਰਮ, ਨਸਲ ਵਗੈਰਾ) ਵਧੇਰੇ ਖ਼ਤਰੇ ਦਾ ਕਾਰਨ ਤਾਂ ਨਹੀਂ ਬਣੇਗੀ?

● ਕੀ ਇਸ ਕਰਮਚਾਰੀ ਦੀ ਸਰੀਰਕ ਸਿਹਤ ਇਸ ਕੰਮ ਲਈ ਠੀਕ ਹੈ?

● ਕੀ ਇਸ ਕਰਮਚਾਰੀ ਦਾ ਕੰਮ ਇਸ ਨੂੰ ਵਧੇਰੇ ਖ਼ਤਰੇ ਵਿੱਚ ਤਾਂ ਨਹੀਂ ਪਾ ਰਿਹਾ? ਉਦਾਹਰਣ ਵਜੋਂ, ਫ਼ੋਟੋ-ਜਰਨਲਿਸਟ ਨੂੰ ਆਪਣੇ ਕੰਮ ਲਈ ਸਰੀਰਕ ਤੌਰ ‘ਤੇ ਘਟਨਾਚੱਕਰ ਦੇ ਨੇੜੇ ਪਹੁੰਚਣਾ ਪੈਂਦਾ ਹੈ.

ਯੰਤਰ ਤੇ ਆਵਾਜਾਈ

ਆਮ ਧਿਆਨਯੋਗ ਨੁਕਤੇ

ਖ਼ਤਰੇ ਦਾ ਅੰਦਾਜ਼ਾ ਲਗਾਉਣ ਅਤੇ ਇਸ ਲਈ ਕਾਰਗਰ ਯੋਜਨਾ ਬਣਾਉਣ ਬਾਰੇ ਹੋਰ ਜਾਣਕਾਰੀ ਸੀਪੀਜੇ ਰਿਸੋਰਸ ਸੈਂਟਰ ‘ਤੇ ਮੌਜੂਦ ਹੈ.


ਮੁੰਬਈ ਰੇਲਵੇ ਸਟੇਸ਼ਨ ‘ਤੇ 5 ਜਨਵਰੀ 2022 ਨੂੰ ਮੂੰਹ ‘ਤੇ ਮਾਸਕ ਲਗਾ ਕੇ ਇਹ ਯਾਤਰੀ ਕੋਵਿਡ-19 ਜਾਂਚ ਲਈ ਇੰਤਜ਼ਾਰ ਕਰ ਰਹੇ ਹਨ. ਭਾਰਤ ਵਿੱਚ ਕੋਰੋਨਾਵਾਇਰਸ ਅਜੇ ਵੀ ਇੱਕ ਖ਼ਤਰਾ ਬਣਿਆ ਹੋਇਆ ਹੈ, ਫ਼ਿਲਹਾਲ ਖ਼ਾਸ ‘ਤੌਰ ‘ਤੇ ਉਨ੍ਹਾਂ ਪੱਤਰਕਾਰਾਂ ਲਈ ਜਿਨ੍ਹਾਂ ਨੇ ਫ਼ਰਵਰੀ-ਮਾਰਚ ‘ਚ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਬਾਰੇ ਰਿਪੋਟਿੰਗ ਲਈ ਸਫ਼ਰ ਵੀ ਕਰਨਾ ਹੈ. (ਏ.ਪੀ/ਰਫ਼ੀਕ ਮਕਬੂਲ) 

ਡਿਜੀਟਲ ਸੁਰੱਖਿਆ: ਆਨਲਾਈਨ ਗਾਲਮੰਦਾ ਅਤੇ ਝੂਠ ਫੈਲਾਉਣ ਦੀ ਮੁਹਿੰਮ

ਆਨਲਾਈਨ ਤੰਗ-ਪ੍ਰੇਸ਼ਾਨੀ ਪੈਦਾ ਕਰਨ ਵਾਲੇ ਕਈ ਤਰੀਕੇ ਅਪਣਾਉਂਦੇ ਹਨ ਅਤੇ ਪੂਰੀ ਮੁਹਿੰਮ ਦੇ ਤੌਰ ‘ਤੇ ਵੀ ਕੰਮ ਕਰਦੇ ਹਨ. ਇਨ੍ਹਾਂ ਮੁਹਿੰਮਾਂ ਦੀ ਗਿਣਤੀ ਚੋਣਾਂ ਵੇਲੇ ਵਧਣ ਦੀ ਸੰਭਾਵਨਾ ਹੈ, ਖ਼ਾਸ ਤੌਰ ‘ਤੇ ਭਾਰਤ ਦੇ ਸਭ ਤੋਂ ਵੱਡੇ ਸੂਬੇ ਉੱਤਰ ਪ੍ਰਦੇਸ਼ ਵਿੱਚ. 

ਹਾਲ ਦੇ ਕੁਝ ਉਦਾਹਰਣ ਵੀ ਸਾਡੇ ਸਾਹਮਣੇ ਹਨ, ਜਿਵੇਂ ਕਿ ਟੈਕ ਫੌਗ ਨਾਮ ਦੀ ਇੱਕ ਐਪ ਜਿਸ ਰਾਹੀਂ ਕੁਝ ਪੱਤਰਕਾਰਾਂ ਖ਼ਿਲਾਫ਼ ਅਪਮਾਨਜਨਕ ਅਤੇ ਆਕਰਾਮਕ ਸੰਦੇਸ਼ ਵੱਡੇ ਪੱਧਰ ਉੱਤੇ ਫੈਲਾਏ ਗਏ. ਖ਼ਬਰ ਵੈੱਬਸਾਈਟ ਦਿ ਵਾਇਰ ਮੁਤਾਬਕ ਕੋਵਿਡ ਮਹਾਂਮਾਰੀ ਦੌਰਾਨ ਫੇਸਬੁੱਕ ਉੱਪਰ ਅੰਗ੍ਰੇਜ਼ੀ, ਹਿੰਦੀ ਅਤੇ ਬੰਗਾਲੀ ਵਿੱਚ ਨਫ਼ਰਤੀ ਸੰਦੇਸ਼ਾਂ ਅਤੇ ਭਾਸ਼ਣਾਂ ਦੀ ਗਿਣਤੀ ਵਧੀ. ਇਸ ਨਫ਼ਰਤ ਦੇ ਸਭ ਤੋਂ ਮੁੱਖ ਨਿਸ਼ਾਨੇ ਔਰਤਾਂ ਅਤੇ ਘੱਟਗਿਣਤੀ ਸਮੂਹਾਂ ਦੇ ਲੋਕ ਰਹੇ, ਜਿਨ੍ਹਾਂ ਵਿੱਚ ਕੁਝ ਦੀ ਝੂਠੀ ਆਨਲਾਈਨ ‘ਨੀਲਾਮੀ’ ਕਰ ਕੇ ਬਦਨਾਮ ਕਰਨ ਦਾ ਕੰਮ ਵੀ ਕੀਤਾ ਗਿਆ.

ਮੀਡੀਆ ਕਰਮੀ ਅਕਸਰ ਹੀ ਆਨਲਾਈਨ ਹਮਲਿਆਂ ਦੇ ਸ਼ਿਕਾਰ ਹੁੰਦੇ ਹਨ ਕਿਉਂਕਿ ਕੁਝ ਲੋਕ ਇਨ੍ਹਾਂ ਦੀ ਸਾਖ ਅਤੇ ਕੰਮ ਦੀ ਇੱਜ਼ਤ ਨੂੰ ਘਟਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ. ਇਸ ਲਈ ਇਹ ਹਮਲਾਵਰ ਆਪਸ ਵਿੱਚ ਰਲ ਕੇ ਅਜਿਹੀਆਂ ਮੁਹਿੰਮਾਂ ਚਲਾਉਂਦੇ ਹਨ ਕਿ ਉਸ ਪੱਤਰਕਾਰ ਨੂੰ ਸੋਸ਼ਲ ਮੀਡੀਆ ਤੋਂ ਦੂਰ ਰਹਿਣਾ ਬਿਹਤਰ ਜਾਪਦਾ ਹੈ. ਇਸ ਤਰ੍ਹਾਂ ਜ਼ਬਰਦਸਤੀ ਇਹ ਪੱਤਰਕਾਰ ਆਫ਼ਲਾਈਨ ਕਰ ਦਿੱਤੇ ਜਾਂਦੇ ਹਨ. ਇਨ੍ਹਾਂ ਹਮਲਿਆਂ ਤੋਂ ਬਚਣਾ ਸੌਖਾ ਨਹੀਂ ਪਰ ਕੁਝ ਅਜਿਹੇ ਕਦਮ ਜ਼ਰੂਰ ਹਨ ਜਿਨ੍ਹਾਂ ਨੂੰ ਚੁੱਕ ਕੇ ਤੁਸੀਂ ਆਪਣੇ ਆਪ ਨੂੰ ਅਤੇ ਆਪਣੇ ਸੋਸ਼ਲ ਮੀਡੀਆ ਖਾਤਿਆਂ ਨੂੰ ਸੁਰੱਖਿਅਤ ਕਰ ਸਕਦੇ ਹੋ.

ਬਿਹਤਰ ਬਚਾਅ ਲਈ ਕੁਝ ਕਦਮ:

ਖਾਤੇ ਦੀ ਸੁਰੱਖਿਆ

ਆਨਲਾਈਨ ਹਮਲਾਵਰ ਆਮ ਤੌਰ ‘ਤੇ ਤੁਹਾਡੇ ਸੋਸ਼ਲ ਮੀਡਿਆ ਪ੍ਰੋਫ਼ਾਈਲ ਉੱਤੇ ਪਈ ਕੁਝ ਨਿੱਜੀ ਜਾਣਕਾਰੀ ਵਰਤ ਕੇ ਤੁਹਾਨੂੰ ਤੰਗ ਕਰਦੇ ਹਨ. ਇਸ ਤੋਂ ਬਚਣ ਲਈ ਹੇਠ ਲਿਖੇ ਤਰੀਕੇ ਵਰਤੋ:

ਜੇਕਰ ਤੁਸੀਂ ਆਨਲਾਈਨ ਹਮਲੇ ਦੇ ਸ਼ਿਕਾਰ ਬਣ ਰਹੇ ਹੋ


ਦਿੱਲੀ-ਉੱਤਰ ਪ੍ਰਦੇਸ਼ ਦੀ ਸੀਮਾ ‘ਤੇ ਗ਼ਾਜ਼ੀਪੁਰ ਨੇੜੇ 15 ਦਸੰਬਰ 2021 ਨੂੰ ਇਹ ਕਿਸਾਨ ਆਪਣਾ ਲੰਮਾ ਚੱਲਿਆ ਮੁਜ਼ਾਹਰਾ ਮੁਕਾ ਕੇ ਘਰਾਂ ਨੂੰ ਪਰਤਣ ਦੀ ਤਿਆਰੀ ਕਰ ਰਹੇ ਹਨ. ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਹੱਥਾਂ ‘ਚ ਭਾਰਤ ਦਾ ਝੰਡਾ ਫੜ ਕੇ ਉਨ੍ਹਾਂ ਵਿੱਚ ਖੜ੍ਹੇ ਹਨ. (ਰਾਇਟਰਜ਼/ਅਨੂਸ਼੍ਰੀ ਫੜਨਵੀਸ)    

ਡਿਜੀਟਲ ਸੁਰੱਖਿਆ: ਯੰਤਰਾਂ ਦੀ ਸਾਂਭ ਲਈਮੁੱਢਲੀ ਤਿਆਰੀ

ਚੋਣਾਂ ਦੀ ਕਵਰੇਜ ਲਈ ਪੱਤਰਕਾਰ ਆਮ ਤੌਰ ਉੱਤੇ ਅੱਜਕੱਲ੍ਹ ਮੋਬਾਈਲ ਦੀ ਵਰਤੋਂ ਕਰਦੇ ਹਨ. ਇਸੇ ਮੋਬਾਈਲ ਰਾਹੀਂ ਉਹ ਆਪਣੇ ਦਫ਼ਤਰ, ਸੂਤਰਾਂ ਅਤੇ ਸਹਿਕਰਮੀਆਂ ਨਾਲ ਵੀ ਸੰਪਰਕ ਬਣਾਉਂਦੇ ਹਨ. ਇਸ ਦੀ ਡਿਜੀਟਲ ਸੁਰੱਖਿਆ ਨਾਲ ਜੁੜੇ ਖਦਸ਼ੇ ਵੀ ਗੰਭੀਰ ਹਨ, ਖਾਸ ਤੌਰ ‘ਤੇ ਜੇਕਰ ਪੱਤਰਕਾਰ ਨੂੰ ਗ੍ਰਿਫ਼ਤਾਰ ਕਰ ਲਿਆ ਜਾਂਦਾ ਹੈ ਜਾਂ ਮੋਬਾਈਲ ਫ਼ੋਨ ਗੁੰਮ ਜਾਂ ਟੁੱਟ ਜਾਂਦਾ ਹੈ. ਕਵਰੇਜ ਲਈ ਜਾਣ ਤੋਂ ਪਹਿਲਾਂ ਕੁਝ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ. 

ਡਿਜੀਟਲ ਸੁਰੱਖਿਆ ਬਾਰੇ ਹੋਰ ਜਾਣਕਾਰੀ ਲਈ ਸੀਪੀਜੇ ਡਿਜੀਟਲ ਸੇਫ਼ਟੀ ਗਾਈਡ ਦੇਖੋ.

ਪੈਗਸਸ ਜਸੂਸੀ ਸਾਫ਼ਟਵੇਅਰ ਬਾਰੇ ਹੋਰ ਜਾਣਕਾਰੀ ਸੀਪੀਜੇ ਸੇਫ਼ਟੀ ਐਡਵਾਇਜ਼ਰੀ ਵਿੱਚ ਮੌਜੂਦ ਹੈ.


ਡਿਜੀਟਲ ਸੇਫ਼ਟੀ: ਸਮੱਗਰੀ ਅਤੇ ਸਾਮਾਨ ਦੀ ਸਾਂਭ-ਸੰਭਾਲ

ਚੋਣ ਕਵਰੇਜ ਵੇਲੇ ਆਪਣੇ ਸਾਜ਼ੋ-ਸਾਮਾਨ ਅਤੇ ਸਮੱਗਰੀ ਦੀ ਸਾਂਭ-ਸੰਭਾਲ ਬਾਰੇ ਕੁਝ ਸਿੱਧੇ-ਸਿੱਧੇ ਅਸੂਲ ਬਣਾ ਕੇ ਰੱਖੋ. ਜੇਕਰ ਕਿਸੇ ਪੱਤਰਕਾਰ ਨੂੰ ਹਿਰਾਸਤ ਵਿੱਚ ਲੈ ਲਿਆ ਜਾਵੇ ਤਾਂ ਉਸ ਪੱਤਰਕਾਰ ਅਤੇ ਉਸ ਦੇ ਸੂਤਰਾਂ ਲਈ ਇਸ ਦੇ ਗੰਭੀਰ ਨਤੀਜੇ ਹੋ ਸਕਦੇ ਹਨ. ਉਂਝ ਮੋਬਾਈਲ ਅਤੇ ਹੋਰ ਯੰਤਰ ਕਿਸੇ ਭੀੜ ਵਾਲੇ ਜਗ੍ਹਾ ‘ਤੇ ਟੁੱਟ ਸਕਦੇ ਹਨ, ਚੋਰੀ ਹੋ ਸਕਦੇ ਹਨ, ਜਿਸ ਨਾਲ ਤੁਹਾਡੀ ਜ਼ਰੂਰੀ ਜਾਣਕਾਰੀ ਵੀ ਗੁੰਮ ਸਕਦੀ ਹੈ.

ਹੇਠ ਲਿਖੇ ਕੁਝ ਕਦਮ ਇਸ ਨਾਲ ਨਜਿੱਠਣ ਲਈ ਕਾਰਗਰ ਹਨ:


ਡਿਜੀਟਲ ਸੁਰੱਖਿਆ: ਸੰਪਰਕ ਸੁਰੱਖਿਅਤ ਰੱਖਣ ਦੇ ਤਰੀਕੇ

ਕੋਵਿਡ ਮਹਾਂਮਾਰੀ ਵਿੱਚ ਦਫ਼ਤਰ ਦੇ ਬਾਹਰੋਂ ਕੰਮ ਕਰਦੇ ਪੱਤਰਕਾਰਾਂ ਲਈ ਸੁਰੱਖਿਅਤ ਢੰਗ ਨਾਲ ਸੰਵਾਦ ਅਤੇ ਸੰਪਰਕ ਸਥਾਪਤ ਕਰਨਾ ਪਹਿਲਾਂ ਨਾਲੋਂ ਅਹਿਮ ਹੋ ਗਿਆ ਹੈ. ਮੀਟਿੰਗ ਲਈ ਵੀ ਇੰਟਰਨੈੱਟ ਅਤੇ ਕਾਨਫਰੈਂਸਿੰਗ ਐਪਸ ਦੀ ਵਰਤੋਂ ਵਧੀ ਹੈ. ਇਸੇ ਲਈ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਕੌਣ ਇਨ੍ਹਾਂ ਮੀਟਿੰਗਾਂ ਅਤੇ ਵੈਬਿਨਾਰ ਵਿੱਚ ਵੜ ਰਿਹਾ ਹੈ.  

ਜ਼ੂਮ ਵਰਤਦੇ ਹੋ ਤਾਂ ਇਹ ਜ਼ਰੂਰ ਪੜ੍ਹੋ:

ਜ਼ੂਮ ਐਪ ਹਰੇਕ ਯੂਜ਼ਰ ਦਾ ਇੱਕ ਵੱਖਰਾ ਸ਼ਨਾਖ਼ਤੀ ਨੰਬਰ ਬਣਾਉਂਦੀ ਹੈ, ਜਿਸ ਨੂੰ ਸੋਸ਼ਲ ਮੀਡੀਆ ਵਗੈਰਾ ਉੱਤੇ ਜਨਤਕ ਨਾ ਕਰੋ.


ਸਰੀਰਕ ਸੁਰੱਖਿਆ: ਕੋਵਿਡ-19 ਨਾਲ ਜੁੜੇ ਤੱਥ ਤੇ ਹਦਾਇਤਾਂ

ਚੋਣ ਰੈਲੀਆਂ ਅਤੇ ਇਕੱਠਾਂ ਦੌਰਾਨ ਸਰੀਰਕ ਦੂਰੀ ਬਣਾ ਕੇ ਰੱਖਣਾ ਮੁਸ਼ਕਲ ਹੈ. ਆਮ ਤੌਰ ‘ਤੇ ਇਹ ਇਕੱਠ ਵੱਡੇ-ਵੱਡੇ ਹੁੰਦੇ ਹਨ ਅਤੇ ਲੋਕਾਂ ਵਿੱਚ ਮਾਸਕ ਲਗਾਉਣ ਦੀ ਆਦਤ ਵੀ ਘੱਟ ਨਜ਼ਰ ਆਉਂਦੀ ਹੈ. ਮੀਡੀਆ ਕਰਮੀ ਕਈ ਵਾਰ ਸੌੜੀਆਂ ਜਗ੍ਹਾਵਾਂ ਵਿੱਚ ਅਜਿਹੇ ਇਕੱਠ ਦੇ ਵਿੱਚ ਵੀ ਖੜ੍ਹਨ-ਬੈਠਣ ਨੂੰ ਮਜਬੂਰ ਹੋ ਜਾਂਦੇ ਹਨ. ਇਸ ਨਾਲ ਵਾਇਰਸ ਦੀ ਲਾਗ ਦਾ ਡਰ ਵਧਦਾ ਹੈ ਅਤੇ ਕਈ ਵਾਰ ਕੋਈ ਤੁਹਾਡੇ ਉੱਤੇ ਹਮਲੇ ਵਜੋਂ ਛਿੱਕ ਜਾਂ ਥੁੱਕ ਵੀ ਸਕਦਾ ਹੈ.

ਨਾਅਰੇ ਲਗਾਉਂਦੇ ਜਾਂ ਚੀਕਦੇ ਲੋਕਾਂ ਦੇ ਮੂੰਹੋਂ ਨਿਕਲਦੀਆਂ ਬੂੰਦਾਂ ਤੁਹਾਨੂੰ ਵਾਇਰਸ ਦੀ ਲਾਗ ਦੇ ਸਕਦੀਆਂ ਹਨ.

ਕੋਵਿਡ ਦੇ ਫੈਲਾਅ ਦੌਰਾਨ ਸੁਰੱਖਿਅਤ ਢੰਗ ਨਾਲ ਰਿਪੋਰਟਿੰਗ ਕਰਨ ਲਈ ਸੀਪੀਜੇ ਦੀ ਤਫ਼ਸੀਲਸ਼ੁਦਾ ਸਲਾਹ ਵੀ ਇੰਟਰਨੈੱਟ ‘ਤੇ ਮੌਜੂਦ ਹੈ.


ਸਰੀਰਕ ਸੁਰੱਖਿਆ: ਚੋਣ ਸਭਾਵਾਂ ਅਤੇ ਮੁਜ਼ਾਹਰਿਆਂ ਦੌਰਾਨ ਰਿਪੋਰਟਿੰਗ

ਚੋਣਾਂ ਦੌਰਾਨ ਮੀਡੀਆ ਕਰਮੀ ਅਕਸਰ ਭੀੜ ਭਰੀਆਂ ਰੈਲੀਆਂ ਅਤੇ ਮੁਜ਼ਾਹਰਿਆਂ ਤੋਂ ਖਬਰਾਂ ਲਿਆਉਣ ਜਾਂਦੇ ਹਨ. ਉਨ੍ਹਾਂ ਸਥਿਤੀਆਂ ਵਿੱਚ ਖ਼ਤਰਾ ਘਟਾਉਣ ਲਈ ਕੁਝ ਮੂਲ ਨੁਕਤੇ: 

ਸਿਆਸੀ ਸਮਾਗਮ ਅਤੇ ਰੈਲੀਆਂ

● ਆਪਣੇ ਕੋਲ ਪਛਾਣ ਪੱਤਰ ਅਤੇ ਪੇਸ਼ੇ ਨਾਲ ਜੁੜੇ ਸ਼ਨਾਖ਼ਤੀ ਕਾਰਡ ਜ਼ਰੂਰ ਰੱਖੋ. ਜੇਕਰ ਤੁਸੀਂ ਆਜ਼ਾਦ ਪੱਤਰਕਾਰ ਹੋ ਤਾਂ ਜਿਸ ਅਦਾਰੇ ਲਈ ਖ਼ਬਰ ਲੈਣ ਆਏ ਹੋ ਉਸ ਕੋਲੋਂ ਇੱਕ ਚਿੱਠੀ ਵੀ ਕੰਮ ਆ ਸਕਦੀ ਹੈ. ਸ਼ਨਾਖ਼ਤੀ ਕਾਗਜ਼ਾਂ ਨੂੰ ਜਨਤਕ ਤੌਰ ‘ਤੇ ਦਿਖਾਉਣ ਤੋਂ ਪਹਿਲਾਂ ਸਥਿਤੀ ਵੇਖੋ. ਆਈਡੀ ਕਾਰਡ ਨੂੰ ਗਲੇ ਵਿੱਚ ਟੰਗਣ ਦੀ ਬਜਾਇ ਲੱਕ ‘ਤੇ ਬੈਲਟ ਨਾਲ ਬੰਨ੍ਹੋ ਜਾਂ ਚੇਪੀਆਂ ਵਾਲੇ ਲਿਫ਼ਾਫ਼ੇ ਵਿੱਚ ਪਾ ਕੇ  ਆਪਣੀ ਬਾਂਹ ਉੱਪਰ ਚਿਪਕਾਓ.

● ਆਪਣੀ ਕੰਪਨੀ ਜਾਂ ਮੀਡੀਆ ਅਦਾਰੇ ਦੇ ਸਟੀਕਰ ਵਗੈਰਾ ਉਤਾਰ ਕੇ ਰੱਖੋ.

● ਪੈਰਾਂ ਵਿੱਚ ਸੈਂਡਲ ਜਾਂ ਖੁਲ੍ਹੀ ਜੁੱਤੀ ਨਾ ਪਹਿਨੋ. ਬਿਹਤਰ ਹੈ ਕਿ ਮਜ਼ਬੂਤ ਸੋਲ ਵਾਲੇ ਜੁੱਤੇ ਪਹਿਨੋ ਜਿਨ੍ਹਾਂ ਨੂੰ ਫੀਤਿਆਂ ਨਾਲ ਬੰਦ ਕੀਤਾ ਜਾ ਸਕੇ ਅਤੇ ਅੱਡੀ ਹੇਠਾਂ ਵਾਧੂ ਮਜ਼ਬੂਤੀ ਹੋਵੇ.

● ਆਪਣੇ ਵਾਹਨ ਨੂੰ ਸੁਰੱਖਿਅਤ ਥਾਂ ਵੇਖ ਕੇ ਪਾਰਕ ਕਰੋ ਅਤੇ ਇਸ ਦਾ ਮੂੰਹ ਬਾਹਰ ਜਾਂਦੇ ਰਸਤੇ ਵੱਲ ਰੱਖੋ.

● ਹਿੰਸਕ ਸਥਿਤੀ ਵਿੱਚ ਬਾਹਰ ਨਿਕਲਣ ਦੀ ਯੋਜਨਾ ਤਿਆਰ ਰੱਖੋ. ਕਈ ਵਾਰ ਇਹ ਯੋਜਨਾ ਮੌਕੇ ਉੱਤੇ ਪਹੁੰਚ ਕੇ ਹੀ ਬਣ ਸਕਦੀ ਹੈ ਪਰ ਪਹਿਲਾਂ ਬਣਾਉਣ ਦੀ ਕੋਸ਼ਿਸ਼ ਜ਼ਰੂਰ ਕਰੋ. ਬਾਹਰ ਨਿਕਲਣ ਦੇ ਸਾਰੇ ਰਸਤੇ ਜਾਣੋ.

● ਭੀੜ ਦੇ ਸੁਭਾਅ ਅਤੇ ਵਤੀਰੇ ਉੱਤੇ ਨਜ਼ਰ ਰੱਖੋ. ਹੋ ਸਕੇ ਤਾਂ ਹੋਰ ਪੱਤਰਕਾਰਾਂ ਤੋਂ ਵੀ ਮਾਹੌਲ ਬਾਰੇ ਅੰਦਾਜ਼ਾ ਲਵੋ. ਕਿਸੇ ਹੋਰ ਪੱਤਰਕਾਰ ਦੇ ਨਾਲ ਵੀ ਜਾ ਸਕਦੇ ਹੋ.

● ਜਿੰਨਾ ਹੋ ਸਕੇ, ਪ੍ਰੈੱਸ ਲਈ ਤੈਅ ਥਾਂ ਤੋਂ ਹੀ ਰਿਪੋਰਟਿੰਗ ਕਰੋ. ਇਹ ਵੀ ਪਤਾ ਕਰੋ ਕਿ ਇੱਥੇ ਪੁਲਿਸ ਤੇ ਪ੍ਰਸ਼ਾਸਨ ਤੁਹਾਡੀ ਕਿੰਨੀ ਮਦਦ ਕਰ ਸਕਣਗੇ.

● ਜੇਕਰ ਪਹਿਲਾਂ ਹੀ ਪਤਾ ਹੈ ਕਿ ਭੀੜ ਮੀਡੀਆ ਤੋਂ ਖ਼ਾਸ ਤੌਰ ‘ਤੇ ਖਿਝੀ ਹੋਈ ਹੈ ਤਾਂ ਗਾਲਾਂ ਸੁਣਨ ਲਈ ਮਾਨਸਿਕ ਤਿਆਰੀ ਰੱਖੋ. ਤੁਸੀਂ ਸਿਰਫ਼ ਰਿਪੋਰਟਿੰਗ ਉੱਤੇ ਧਿਆਨ ਦਿਓ, ਗਾਲਾਂ ਦਾ ਜਵਾਬ ਨਾ ਦਿਓ. ਯਾਦ ਰੱਖੋ, ਤੁਸੀਂ ਪੇਸ਼ੇਵਰ ਪੱਤਰਕਾਰ ਹੋ, ਭੀੜ ਨਹੀਂ.

● ਜੇਕਰ ਲੱਗਦਾ ਹੈ ਕਿ ਕੋਈ ਤੁਹਾਡੇ ਉੱਤੇ ਥੁੱਕਾਂ ਜਾਂ ਚੀਜ਼ਾਂ ਸੁੱਟ ਸਕਦਾ ਹੈ ਤਾਂ ਟੋਪੀ ਅਤੇ ਵਾਟਰਪਰੂਫ਼ ਕੱਪੜੇ ਪਹਿਨੋ.

● ਮਾਹੌਲ ਖ਼ਰਾਬ ਜਾਂ ਹਮਲਾਵਰ ਲੱਗੇ ਤਾਂ ਕੰਮ ਤੋਂ ਬਾਅਦ ਉੱਥੇ ਨਾ ਰਹੋ ਅਤੇ ਲੋਕਾਂ ਨਾਲ ਬਹਿਸ ਤੋਂ ਬਚੋ.

● ਕਈ ਵਾਰ ਖ਼ਬਰ ਦੀ ਮੰਗ ਹੁੰਦੀ ਹੈ ਕਿ ਪੰਡਾਲ ਜਾਂ ਤੈਅ ਥਾਂ ਦੇ ਬਾਹਰੋਂ ਰਿਪੋਰਟਿੰਗ ਕਰਨੀ ਪਵੇ. ਅਜਿਹੀ ਸਥਿਤੀ ਵਿੱਚ ਇੱਕ ਸਹਿਕਰਮੀ ਨੂੰ ਨਾਲ ਰੱਖੋ. ਅਜਿਹੇ ਸਥਾਨ ਤੋਂ ਰਿਪੋਰਟਿੰਗ ਕਰੋ ਜਿੱਥੋਂ ਬਾਹਰ ਨਿਕਲਣ ਦੇ ਰਸਤੇ ਪਤਾ ਹੋਣ. ਸੁਰੱਖਿਆ ਦੇ ਲਿਹਾਜ਼ ਨਾਲ ਤੈਅ ਕਰੋ ਕਿ ਕਿੰਨਾ ਸਮਾਂ ਕਿੱਥੇ ਰੁਕਣਾ ਹੈ.

● ਜੇਕਰ ਤੁਹਾਨੂੰ ਕੰਮ ਔਖਾ ਜਾਪਦਾ ਹੈ ਤਾਂ ਇਸ ਅਹਿਸਾਸ ਨੂੰ ਦਬਾ ਕੇ ਨਾ ਰੱਖੋ. ਸਾਥੀਆਂ ਅਤੇ ਦਫ਼ਤਰ ਵਿੱਚ ਸੀਨੀਅਰ ਲੋਕਾਂ ਨੂੰ ਦੱਸੋ. ਸਭ ਇੱਕ ਦੂਜੇ ਨੂੰ ਆਪਣੇ-ਆਪਣੇ ਅਨੁਭਵ ਰਾਹੀਂ ਸਿਖਾ ਸਕਦੇ ਹਨ.

ਵਿਰੋਧ ਪ੍ਰਦਰਸ਼ਨ

ਯੋਜਨਾ ਬਣਾਉਣਾ:

● ਭਾਰਤ ਭਰ ਵਿੱਚ ਹੀ ਪੁਲਿਸ ਅਸਲੀ ਅਤੇ ਰਬੜ ਦੀਆਂ ਗੋਲੀਆਂ, ਪੈਲੇਟ, ਹੰਝੂ ਗੈਸ ਅਤੇ ਲਾਠੀਆਂ-ਡੰਡੇ ਵਰਤ ਕੇ ਮੁਜ਼ਾਹਰਿਆਂ ਨੂੰ ਰੋਕਣ ਦੀ ਕੋਸ਼ਿਸ਼ ਕਰਦੀ ਹੈ. ਜੇ ਹਿੰਸਾ ਦੀ ਸੰਭਾਵਨਾ ਹੈ ਤਾਂ ਸੁਰੱਖਿਆ ਐਨਕ ਵਰਤੋਂ, ਹੈਲਮੇਟ ਲਗਾਓ, ਗੈਸ ਤੋਂ ਬਚਣ ਲਈ ਰੈਸਪੀਰੇਟਰ ਵਰਤੋਂ ਅਤੇ ਸਰੀਰ ਨੂੰ ਬਚਾਉਣ ਲਈ ਖ਼ਾਸ ਕਵਚ ਵਾਲੀ ਜੈਕੇਟ ਵੀ ਪਹਿਨੋ. ਸੀਪੀਜੇ ਨੇ ਇਸ ਬਾਰੇ ਖ਼ਾਸ ਗਾਈਡ ਵੀ ਤਿਆਰ ਕੀਤਾ ਹੈ.

● ਜਿੱਥੇ ਜਾ ਰਹੇ ਹੋ ਉਸ ਥਾਂ ਦਾ ਨਕਸ਼ਾ ਪਹਿਲਾਂ ਹੀ ਵੇਖ ਲਵੋ. ਬਾਹਰ ਦੇ ਰਸਤੇ ਪਤਾ ਕਰ ਕੇ ਰੱਖੋ.  

● ਕੋਈ ਜ਼ਿੰਮੇਵਾਰ ਅਦਾਰਾ ਕਿਸੇ ਪ੍ਰਦਰਸ਼ਨ ਦੀ ਕਵਰੇਜ ਲਈ ਕਿਸੇ ਪੱਤਰਕਾਰ ਨੂੰ ਇਕੱਲਾ ਨਾ ਭੇਜੇ ਤਾਂ ਠੀਕ ਹੈ. ਨਹੀਂ ਤਾਂ ਤੁਸੀਂ ਖ਼ੁਦ ਕੋਸ਼ਿਸ਼ ਕਰੋ ਕਿ ਹੋਰਨਾਂ ਪੱਤਰਕਾਰਾਂ ਦੇ ਨੇੜੇ ਹੋ ਕੇ ਕੰਮ ਕਰੋ. ਸਮੇਂ ਸਿਰ ਦਫ਼ਤਰ ਅਤੇ ਪਰਿਵਾਰ ਨਾਲ ਆਪਣੀ ਸਥਿਤੀ ਸਾਂਝੀ ਕਰਦੇ ਰਹੋ. ਸੂਰਜ ਦੇ ਢਲਣ ਤੋਂ ਬਾਅਦ ਕੰਮ ਕਰਨ ਵਿੱਚ ਜੋਖਮ ਹੈ. ਇਕੱਲਿਆਂ ਰਿਪੋਰਟਿੰਗ ਬਾਰੇ ਵੀ ਸੀਪੀਜੇ ਦੀ ਹਦਾਇਤ ਸੂਚੀ ਮੌਜੂਦ ਹੈ.

● ਮੈਡੀਕਲ ਕਿੱਟ ਲੈ ਕੇ ਚੱਲੋ ਅਤੇ ਫ਼ੋਨ ਦੀ ਬੈਟਰੀ ਪੂਰੀ ਹੋਵੇ.

● ਖੁਲ੍ਹੇ ਜਾਂ ਲਹਿਰਦੇ ਕੱਪੜੇ ਨਾ ਪਹਿਨੋ. ਕਿਸੇ ਨਾਅਰੇ ਦੇ ਸ਼ਬਦ, ਬ੍ਰੈਂਡਿੰਗ ਲੋਗੋ, ਫੌਜੀ ਜਾਂ ਸਿਆਸੀ ਰੰਗਾਂ ਦੇ ਕੱਪੜੇ ਅਤੇ ਸੌਖੇ ਸੜਨ ਵਾਲੇ ਕੱਪੜੇ (ਜਿਵੇਂ ਕਿ ਨਾਇਲਨ) ਨਾ ਪਹਿਨੋ.

● ਮਜ਼ਬੂਤ ਅਤੇ ਫੀਤੇ ਵਾਲੇ ਜੁੱਤੇ ਪਹਿਨੋ.

● ਲੰਮੇ ਵਾਲ ਖੁਲ੍ਹੇ ਨਾ ਛੱਡੋ, ਖੁਲ੍ਹੇ ਵਾਲਾਂ ਨੂੰ ਕੋਈ ਖਿੱਚ ਸਕਦਾ ਹੈ.

● ਘੱਟ ਤੋਂ ਘੱਟ ਕੀਮਤੀ ਸਾਮਾਨ ਕੋਲ ਰੱਖੋ. ਟੁੱਟ ਸਕਣ ਵਾਲੇ ਸਾਮਾਨ ਨੂੰ ਵਾਹਨ ‘ਚ ਧਿਆਨ ਨਾਲ ਰੱਖੋ ਜਾਂ ਹੱਥਾਂ ‘ਚ ਫੜੀ ਰੱਖੋ.

ਸਥਿਤੀ ਬਾਰੇ ਜਾਗਰੂਕਤਾ

ਜੇਕਰ ਪੁਲਿਸ ਦੁਆਰਾ ਅੱਥਰੂ ਗੈਸ ਦੀ ਵਰਤੋਂ ਦੀ ਸੰਭਾਵਨਾ ਹੋਵੇ:

ਅੱਥਰੂ ਗੈਸ ਨਾਲ ਤੁਹਾਨੂੰ ਨਿੱਛਾਂ, ਛਿੱਕਾਂ, ਖਾਂਸੀ ਅਤੇ ਅੱਖਾਂ ਵਿੱਚੋਂ ਪਾਣੀ ਤੋਂ ਇਲਾਵਾ ਬਲਗਮ ਦੀ ਸ਼ਿਕਾਇਤ ਵੀ ਹੋ ਸਕਦੀ ਹੈ ਜਿਸ ਕਰਕੇ ਸਾਹ ਲੈਣਾ ਔਖਾ ਹੋ ਜਾਂਦਾ ਹੈ. ਕਈ ਵਾਰ ਉਲਟੀ ਵੀ ਆ ਜਾਂਦੀ ਹੈ. ਇਨ੍ਹਾਂ ਲੱਛਣਾਂ ਕਰਕੇ ਕੋਰੋਨਾਵਾਇਰਸ ਦੀ ਲਾਗ ਦਾ ਖ਼ਦਸ਼ਾ ਵਧਦਾ ਹੈ. ਜਿਨ੍ਹਾਂ ਲੋਕਾਂ ਨੂੰ ਦਮੇ ਦੀ ਸ਼ਿਕਾਇਤ ਪਹਿਲਾਂ ਹੋਵੇ, ਉਨ੍ਹਾਂ ਨੂੰ ਕੋਵਿਡ ਦਾ ਜ਼ਿਆਦਾ ਖ਼ਤਰਾ ਉਂਝ ਵੀ ਹੈ. ਅਜਿਹੇ ਲੋਕਾਂ ਨੂੰ ਭੀੜ ਵਾਲੀਆਂ ਧਾਵਾਂ ਤੋਂ ਰਿਪੋਰਟਿੰਗ ਲਈ ਨਹੀਂ ਭੇਜਣਾ ਚਾਹੀਦਾ ਅਤੇ ਨਾ ਹੀ ਉਨ੍ਹਾਂ ਜਗ੍ਹਾਵਾਂ ਉੱਤੇ ਭੇਜਣਾ ਚਾਹੀਦਾ ਹੈ ਜਿੱਥੇ ਅੱਥਰੂ ਗੈਸ ਦੀ ਵਰਤੋਂ ਦੀ ਸੰਭਾਵਨਾ ਨਜ਼ਰ ਆਵੇ.

ਐੱਨਪੀਆਰ ਨੇ ਵੀ ਰਿਪੋਰਟ ਕੀਤਾ ਹੈ ਕੇ ਮਾਹਿਰਾਂ ਤੇ ਸਬੂਤਾਂ ਤੋਂ ਇਹ ਸਾਫ਼ ਹੈ ਕਿ ਅੱਥਰੂ ਗੈਸ ਨਾਲ ਕੋਰੋਨਾ ਅਤੇ ਹੋਰ ਵਾਇਰਸਾਂ ਦੀ ਲਾਗ ਦਾ ਖ਼ਤਰਾ ਵਧਦਾ ਹੈ.

ਅੱਥਰੂ ਗੈਸ ਦੇ ਖ਼ਤਰਿਆਂ ਅਤੇ ਬਚਾਅ ਬਾਰੇ ਸੀਪੀਜੇ ਨੇ ਕੁਝ ਸਲਾਹਾਂ ਜਨਤਕ ਹਿੰਸਾ ਦੌਰਾਨ ਰਿਪੋਰਟਿੰਗ ਗਾਈਡ ਵਿੱਚ ਵੀ ਜਾਰੀ ਕੀਤੀਆਂ ਹਨ.   

ਸਰੀਰਕ ਹਿੰਸਾ ਜਾਂ ਮਾਰਕੁੱਟ:

ਭਾਰਤ ਵਿੱਚ ਮੁਜ਼ਾਹਰਾਕਾਰੀਆਂ ਦੁਆਰਾ ਪੱਤਰਕਾਰਾਂ ਨੂੰ ਕੁੱਟਣ ਦੇ ਮਾਮਲੇ ਆਉਂਦੇ ਰਹੇ ਹਨ. ਅਕਤੂਬਰ 2021 ਵਿੱਚ ਸੀਪੀਜੇ ਨੇ ਵੀ ਪੱਤਰਕਾਰ ਰਮਨ ਕਸ਼ਯਪ ਦੀ ਮੌਤ ਦੇ ਮਾਮਲੇ ਬਾਰੇ ਰਿਪੋਰਟਿੰਗ ਕੀਤੀ ਸੀ. ਕਸ਼ਯਪ ਦੀ ਮੌਤ ਇੱਕ ਕਿਸਾਨ ਮੁਜ਼ਾਹਰੇ ਦੌਰਾਨ ਹੋਈ ਹਿੰਸਾ ਵਿੱਚ ਹੋਈ ਸੀ.

ਜੇਕਰ ਤੁਸੀਂ ਹਮਲੇ ਜਾਂ ਹਿੰਸਾ ਦਾ ਖ਼ਤਰਾ ਭਾਂਪਦੇ ਹੋ ਤਾਂ ਇਨ੍ਹਾਂ ਨੁਕਤਿਆਂ ਦਾ ਧਿਆਨ ਰੱਖੋ:

● ਭੀੜ ਅਤੇ ਮੁਜ਼ਾਹਰਾਕਾਰੀਆਂ ਦਾ ਪੱਤਰਕਾਰਾਂ ਵੱਲ ਰਵੱਈਆ ਵੇਖੋ ਅਤੇ ਸਾਵਧਾਨ ਰਹੋ.

● ਜਿਹੜਾ ਵਿਅਕਤੀ ਹਿੰਸਕ ਜਾਪੇ ਉਸ ਦੀ ਬੌਡੀ ਲੈਂਗਵੇਜ ਭਾਵ ਸਰੀਰਕ ਹਿਲਜੁਲ ਤੋਂ ਅੰਦਾਜ਼ਾ ਲਗਾਓ ਕਿ ਕਿੰਨਾ ਖ਼ਤਰਾ ਹੈ. ਤੁਸੀਂ ਬੌਡੀ ਲੈਂਗਵੇਜ ਰਾਹੀਂ ਸਾਫ਼ ਇਸ਼ਾਰਾ ਕਰਨ ਦੀ ਕੋਸ਼ਿਸ਼ ਕਰੋ ਕਿ ਤੁਸੀਂ ਸ਼ਾਂਤੀ ਚਾਹੁੰਦੇ ਹੋ.

● ਕਿਸੇ ਹਮਲਾਵਰ ਦੀ ਨਜ਼ਰ ਵਿੱਚ ਆਵੋ ਤਾਂ ਉਸ ਦੀਆਂ ਅੱਖਾਂ ਨਾਲ ਅੱਖਾਂ ਮਿਲਾ ਕੇ ਰੱਖੋ, ਗੱਲ ਸਦਾ ਆਰਾਮ ਨਾਲ ਕਰੋ.

● ਘੱਟੋਘੱਟ ਇੱਕ ਬਾਂਹ ਜਿੰਨੀ ਦੂਰੀ ਬਣਾ ਕੇ ਰੱਖੋ. ਸਥਿਤੀ ਵਿਗੜੇ ਤਾਂ ਪਿਛਾਂਹ ਹਟੋ. ਜੇ ਕੋਈ ਫੜੇ ਤਾਂ ਬਾਂਹ ਛੁਡਾਓ ਪਰ ਬਦਲੇ ਵਿੱਚ ਹਮਲਾ ਨਾ ਕਰੋ. ਜੇ ਘੇਰੇ ਵਿੱਚ ਆ ਗਏ ਹੋ ਤਾਂ ਚੀਕ ਕੇ ਹੋਰਨਾਂ ਨੂੰ ਦੱਸਣ ਦੀ ਕੋਸ਼ਿਸ਼ ਜ਼ਰੂਰ ਕਰੋ.

● ਜੇ ਸਥਿਤੀ ਹੋਰ ਵੀ ਵਿਗੜ ਜਾਵੇ ਤਾਂ ਇੱਕ ਹੱਥ ਵਿਹਲਾ ਰੱਖੋ ਤਾਂ ਜੋ ਆਪਣੇ ਸਿਰ ਨੂੰ ਬਚਾ ਸਕੋ. ਲੰਮੇ ਕਦਮ ਨਾ ਪੁੱਟੋ, ਸਗੋਂ ਨਿੱਕੇ ਕਦਮਾਂ ਨਾਲ ਪੱਕੇ-ਪੈਰੀਂ ਟੁਰੋ ਅਤੇ ਡਿੱਗਣ ਤੋਂ ਬਚੋ. ਜੇ ਤੁਸੀਂ ਟੀਮ ਦਾ ਹਿੱਸਾ ਹੋ ਤਾਂ ਸਾਰੇ ਜਣੇ ਇੱਕ-ਦੂਜੇ ਦੀ ਬਾਂਹ ਫੜ ਕੇ ਜ਼ੰਜੀਰ ਬਣਾ ਕੇ ਰੱਖੋ.

● ਪੱਤਰਕਾਰੀ ਤੁਹਾਡਾ ਕੰਮ ਜਾਂ ਫ਼ਰਜ਼ ਹੋ ਸਕਦਾ ਹੈ ਪਰ ਕਈ ਵਾਰ ਸਥਿਤੀ ਵਿਗੜ ਸਕਦੀ ਹੈ. ਹਿੰਸਕ ਹੋ ਰਹੇ ਲੋਕਾਂ ਦੀਆਂ ਤਸਵੀਰਾਂ ਲੈਣ ਨਾਲ ਉਨ੍ਹਾਂ ਦਾ ਵਰਤਾਰਾ ਹੋਰ ਹਿੰਸਕ ਵੀ ਹੋ ਸਕਦਾ ਹੈ.

● ਜੇਕਰ ਕੋਈ ਤੁਹਾਡੇ ਮਗਰ ਪੈ ਜਾਵੇ ਤਾਂ ਲੜਨ ਦੀ ਬਜਾਇ ਜੋ ਉਹ ਮੰਗੇ ਉਹ ਦੇ ਦਿਓ. ਕੋਈ ਵੀ ਵਸਤੂ ਜਾਂ ਉਪਕਰਨ ਤੁਹਾਡੀ ਜਾਨ ਨਾਲੋਂ ਜ਼ਿਆਦਾ ਕੀਮਤੀ ਨਹੀਂ.


ਪੰਜਾਬ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅੰਮ੍ਰਿਤਸਰ ਵਿੱਚ 10 ਜਨਵਰੀ 2022 ਨੂੰ ਅਰਧ-ਸੈਨਿਕ ਬਲ ਤੇ ਪੰਜਾਬ ਪੁਲਿਸ ਦੇ ਅਫ਼ਸਰ ਅਤੇ ਸਿਪਾਹੀ ਗਸ਼ਤ ਦਿੰਦੇ ਨਜ਼ਰ ਆ ਰਹੇ ਹਨ. (ਏ.ਐੱਫ.ਪੀ/ਨਰਿੰਦਰ ਨੰਨੂ)   

ਸਰੀਰਕ ਸੁਰੱਖਿਆ: ਕ੍ਰੋਧਿਤ ਸਮੁਦਾਇ ਜਾਂ ਇਲਾਕੇ ਵਿਚਕਾਰੋਂ ਪੱਤਰਕਾਰੀ

ਪੱਤਰਕਾਰਾਂ ਦੇ ਕੰਮ ਵਿੱਚ ਇਹ ਸ਼ਾਮਲ ਹੈ ਕਿ ਉਹ ਅਜਿਹੇ ਸਮੁਦਾਵਾਂ ਜਾਂ ਇਲਾਕਿਆਂ ਵਿਚੋਂ ਰਿਪੋਰਟਿੰਗ ਕਰਨ ਜਿਨ੍ਹਾਂ ਦਾ ਮੀਡੀਆ ਵੱਲ ਰਵੱਈਆ ਗੁੱਸੇ ਭਰਿਆ ਜਾਂ ਹਮਲਾਵਰ ਹੋਵੇ. ਅਜਿਹਾ ਆਮ ਤੌਰ ਉੱਤੇ ਉਦੋਂ ਹੁੰਦਾ ਹੈ ਜਦੋਂ ਇੱਕ ਸਮੁਦਾਇ ਨੂੰ ਇੰਝ ਜਾਪਦਾ ਹੈ ਕਿ ਉਸ ਬਾਰੇ ਆਮ ਤੌਰ ‘ਤੇ ਪੱਤਰਕਾਰੀ ਝੂਠੀ ਜਾਂ ਨਕਾਰਾਤਮਕ ਹੁੰਦੀ ਹੈ. ਚੋਣਾਂ ਦੌਰਾਨ ਪੱਤਰਕਾਰਾਂ ਨੂੰ ਅਜਿਹੇ ਇਲਾਕਿਆਂ ਵਿੱਚ ਜਾਂ ਬਰਾਦਰੀਆਂ ਨਾਲ ਲੰਮਾ ਸਮਾਂ ਬਿਤਾਉਣਾ ਪੈ ਸਕਦਾ ਹੈ.

ਖ਼ਤਰਾ ਘਟਾਉਣ ਦੇ ਜ਼ਰੂਰੀ ਨੁਕਤੇ:

● ਹੋ ਸਕੇ ਤਾਂ ਪਹਿਲਾਂ ਪਤਾ ਕਰੋ ਕਿ ਇਲਾਕੇ ਦੇ ਲੋਕਾਂ ਦੇ ਮੀਡੀਆ ਬਾਰੇ ਕੀ ਖ਼ਿਆਲ ਹਨ. ਇਸ ਨਾਲ ਅੰਦਾਜ਼ਾ ਲੱਗੇਗਾ ਕਿ ਉਨ੍ਹਾਂ ਦਾ ਤੁਹਾਡੇ ਵੱਲ ਕਿਹੋ ਜਿਹਾ ਵਤੀਰਾ ਰਹੇਗਾ. ਜੇ ਜ਼ਰੂਰੀ ਜਾਪੇ ਤਾਂ ਬਿਨਾਂ ਨਜ਼ਰਾਂ ਵਿੱਚ ਆਏ ਕੰਮ ਕਰੋ, ਨੀਵੀਂ ਪਾ ਕੇ ਰੱਖੋ.

● ਪਹੁੰਚਣ ਤੋਂ ਪਹਿਲਾਂ ਰਾਬਤਾ ਬਣਾਓ. ਬਿਨਾਂ ਕਿਸੇ ਵਿਚੋਲੀਏ ਦੇ, ਬਿਨਾਂ ਦੱਸੇ ਇੱਕਦਮ ਨਾ ਪਹੁੰਚੋ. ਜੇਕਰ ਤੁਸੀਂ ਇਲਾਕੇ ਬਾਰੇ ਘੱਟ ਜਾਣਦੇ ਹੋ ਅਤੇ ਤੁਹਾਨੂੰ ਉੱਥੇ ਬਾਹਰੀ ਵਜੋਂ ਵੇਖਿਆ ਜਾਵੇਗਾ ਤਾਂ ਇੱਕ ਸਥਾਨਕ ਸਾਥੀ ਰੱਖੋ. ਇਹ ਸਾਥੀ ਕੋਈ ਇਲਾਕਾਈ ਪੱਤਰਕਾਰ ਹੋ ਸਕਦਾ ਹੈ ਜਾਂ ਉੱਥੇ ਦਾ ਕੋਈ ਮੋਹਤਬਰ ਬੰਦਾ. ਅਜਿਹੇ ਸਮਾਜਕ ਜਾਂ ਪੰਚਾਇਤੀ ਬੰਦੇ ਦੀ ਵੀ ਨਿਸ਼ਾਨਦੇਹੀ ਕਰ ਕੇ ਰੱਖੋ ਜਿਹੜਾ ਔਖੀ ਸਥਿਤੀ ਵਿੱਚੋਂ ਤੁਹਾਡਾ ਬਚਾਅ ਕਰ ਸਕੇ.

● ਜੇਕਰ ਇਸ ਇਲਾਕੇ ਵਿੱਚ ਨਸ਼ੇ ਦੀ ਵਰਤੋਂ ਵੱਧ ਹੈ ਤਾਂ ਇੱਥੇ ਅਚਾਨਕ ਕੁਝ ਵੀ ਹੋ ਜਾਣ ਦਾ ਖ਼ਦਸ਼ਾ ਵੀ ਜ਼ਿਆਦਾ ਹੈ.

● ਵੈਸੇ ਤਾਂ ਟੀਮ ਨਾਲ ਹੀ ਜਾਓ. ਨਹੀਂ ਤਾਂ ਕਿਸੇ ਬੈਕ-ਅਪ ਟੀਮ ਨਾਲ ਸੰਪਰਕ ਰੱਖੋ ਜਿਹੜੀ ਨੇੜੇ ਕਿਸੇ ਸੁਰੱਖਿਅਤ ਥਾਂ ਉੱਤੇ ਰਹੇ (ਜਿਵੇਂ ਕਿ ਕੋਈ ਪੈਟਰੋਲ ਪੰਪ ਜਾਂ ਕੋਈ ਹੋਰ ਜਨਤਕ ਥਾਂ) ਅਤੇ ਤੁਹਾਡੇ ਛੇਤੀ ਮੌਕੇ ਉੱਤੇ ਪਹੁੰਚ ਸਕੇ.

● ਇਲਾਕੇ ਦਾ ਭੂਗੋਲ ਸਮਝੋ ਅਤੇ ਉਸੇ ਮੁਤਾਬਕ ਯੋਜਨਾ ਬਣਾਓ. ਇਲਾਕੇ ਵਿੱਚੋਂ ਨਾਲ ਲਿਆ ਕੋਈ ਸਾਥੀ ਤੁਹਾਡੇ ਨਾਲੋਂ ਪਹਿਲਾਂ ਖ਼ਤਰੇ ਭਾਂਪ ਸਕਦਾ ਹੈ.

● ਆਪਣੇ ਵਾਹਨ ਨੂੰ ਇਸ ਤਰ੍ਹਾਂ ਪਾਰਕ ਕਰੋ ਕਿ ਇਸ ਨੂੰ ਲੋੜ ਪੈਣ ‘ਤੇ ਤੁਰੰਤ ਬਾਹਰ ਵੱਲ ਲਿਜਾਇਆ ਜਾ ਸਕੇ. ਤਿਆਰ ਸਥਿਤੀ ਵਿੱਚ ਡਰਾਈਵਰ ਗੱਡੀ ‘ਚ ਹੀ ਹੋਵੇ ਤਾਂ ਬਿਹਤਰ ਹੈ. 

● ਜੇਕਰ ਵਾਹਨ ਤੋਂ ਦੂਰ ਹੋ ਤਾਂ ਵਾਪਸੀ ਦੀ ਯੋਜਨਾ ਬਣਾ ਕੇ ਤੁਰੋ. ਨਿਸ਼ਾਨੀਆਂ ਯਾਦ ਰੱਖੋ ਅਤੇ ਸਾਥੀਆਂ ਨਾਲ ਇਹ ਜਾਣਕਾਰੀਆਂ ਸਾਂਝੀਆਂ ਕਰੋ.

● ਯੋਜਨਾ ਵਿੱਚ ਇਹ ਵੀ ਸ਼ਾਮਲ ਕਰੋ ਕਿ ਲੋੜ ਪੈਣ ‘ਤੇ ਤੁਰੰਤ ਇਲਾਜ ਕਿੱਥੋਂ ਮਿਲ ਸਕਦਾ ਹੈ ਅਤੇ ਬਾਹਰ ਕਿਧਰੋਂ ਨਿਕਲਿਆ ਜਾ ਸਕਦਾ ਹੈ.

● ਕਿਸੇ ਦੀ ਤਸਵੀਰ ਲੈਣ ਤੋਂ ਪਹਿਲਾਂ ਸਹਿਮਤੀ ਲਵੋ.

● ਜ਼ਰੂਰਤ ਮੁਤਾਬਕ ਜਾਣਕਾਰੀ ਅਤੇ ਸਮੱਗਰੀ ਮਿਲ ਜਾਵੇ ਤਾਂ ਤੁਰੰਤ ਬਾਹਰ ਆਓ. ਐਵੇਂ ਬਹੁਤੀ ਦੇਰ ਨਾ ਰੁਕੋ. ਆਪਣੇ ਲਈ ਸਮਾਂ ਸੀਮਾ ਤੈਅ ਰੱਖੋ. ਜੇਕਰ ਕੋਈ ਸਾਥੀ ਅਸਹਿਜ ਹੈ ਜਾਂ ਡਰ ਰਿਹਾ ਹੈ ਤਾਂ ਉਸੇ ਵੇਲੇ ਨਿਕਲੋ, ਗੱਲਬਾਤ ਵਿੱਚ ਬਹੁਤ ਸਮਾਂ ਨਾ ਲਗਾਓ.

● ਆਪਣੇ ਕੱਪੜਿਆਂ ਉੱਪਰ ਕੰਪਨੀ ਦੀ ਨਿਸ਼ਾਨੀ ਵਗੈਰਾ ਨਾ ਲਗਾਓ. ਉਪਕਰਨਾਂ ਅਤੇ ਵਾਹਨਾਂ ਉੱਪਰੋਂ ਵੀ ਅਜਿਹੀਆਂ ਨਿਸ਼ਾਨੀਆਂ ਉਤਾਰ ਦਿਓ. ਕੱਪੜਿਆਂ ਦੀ ਚੋਣ ਵੇਲੇ ਖਿਆਲ ਰੱਖੋ ਕਿ ਲੋਕ ਤੁਹਾਨੂੰ ਬਹੁਤ ਵੱਖਰਾ ਜਾਂ ਅਨੋਖਾ ਨਾ ਸਮਝਣ.

● ਜੇਕਰ ਵਰਤਣੀ ਆਉਂਦੀ ਹੋਵੇ ਤਾਂ ਮੈਡੀਕਲ ਕਿੱਟ ਲੈ ਕੇ ਜਾਓ.

● ਇਲਾਕੇ ਦੇ ਲੋਕਾਂ ਦੀ ਸੋਚ-ਸਮਝ ਅਤੇ ਕਦਰਾਂ-ਕੀਮਤਾਂ ਦਾ ਖ਼ਿਆਲ ਰੱਖੋ.

● ਆਪਣੇ ਕੋਲ ਘੱਟ ਤੋਂ ਘੱਟ ਪੈਸੇ ਰੱਖੋ. ਅੰਦਾਜ਼ਾ ਲਗਾਓ ਕਿ ਤੁਹਾਡੇ ਕਿਹੜੇ ਉਪਕਰਨ ਚੋਰਾਂ ਦੀਆਂ ਨਜ਼ਰਾਂ ਵਿੱਚ ਆ ਸਕਦੇ ਹਨ. ਜੇ ਕੋਈ ਮਗਰ ਪਵੇ ਤੇ ਹਿੰਸਕ ਹੋਵੇ, ਤੁਰੰਤ ਜੋ ਮੰਗੇ ਉਹ ਦੇ ਦਿਓ. ਕੋਈ ਵਸਤੂ ਤੁਹਾਡੀ ਜਾਨ ਨਾਲੋਂ ਵੱਧ ਕੀਮਤੀ ਨਹੀਂ ਹੁੰਦੀ.

● ਰਾਤੀਂ ਕੰਮ ਕਰਨ ਤੋਂ ਗੁਰੇਜ਼ ਕਰੋ.

● ਕਿਸੇ ਖ਼ਬਰ ਨੂੰ ਛਾਪਣ/ਚਲਾਉਣ ਵੇਲੇ ਸੋਚੋ ਕਿ ਤੁਹਾਨੂੰ ਇਸ ਇਲਾਕੇ ਵਿੱਚ ਮੁੜ ਆਉਣ ਦੀ ਕਿੰਨੀ ਲੋੜ ਹੈ. ਕੀ ਤੁਹਾਡੀ ਇਹ ਖ਼ਬਰ ਤੁਹਾਡੇ ਮੁੜ ਇੱਥੇ ਆਉਣ ਵਿੱਚ ਵਿਘਨ ਤਾਂ ਨਹੀਂ ਪਾ ਦੇਵੇਗੀ?

Exit mobile version